ਡੀ.ਐਮ. ਨੇ ਉਦਯੋਗ / ਉਦਯੋਗਿਕ ਇਕਾਈਆਂ ਕੋਲ ਉਪਲਬਧ ਸਾਰੇ ਆਕਸੀਜਨ ਸਿਲੰਡਰਾਂ ਦੀ ਮੰਗ ਡਾਕਟਰੀ ਉਦੇਸ਼ਾਂ ਲਈ ਕਰਨ ਸਬੰਧੀ ਹੁਕਮ ਕੀਤੇ ਜਾਰੀ
ਜ਼ਿਲ੍ਹਾ ਨੋਡਲ ਅਫ਼ਸਰ / ਸਿਵਲ ਸਰਜਨ ਵੱਲੋਂ ਮਨਜੂਰੀ ਤੋਂ ਬਿਨ੍ਹਾਂ ਨਿੱਜੀ ਵਿਅਕਤੀਆਂ ਜਾਂ ਫਰਮਾਂ ਦੀ ਮਾਲਕੀਅਤ ਵਾਲੇ ਆਕਸੀਜਨ ਸਿਲੰਡਰ ਏਅਰ ਸੈਪਰੇਸ਼ਨ ਯੂਨਿਟਾਂ (ਏਐਸਯੂ) / ਆਕਸੀਜਨ ਸਪਲਾਇਰ ਦੁਆਰਾ ਨਹੀਂ ਭਰੇ ਜਾਣਗੇ
ਐਸ.ਏ.ਐਸ.ਨਗਰ, 1 ਮਈ:
ਮਹਾਂਮਾਰੀ ਦੇ ਵੱਧ ਰਹੇ ਪ੍ਰਕੋਪ ਅਤੇ ਸੰਭਾਵਤ ਵਾਧੇ ਦੇ ਮੱਦੇਨਜ਼ਰ, ਲੋਕਾਂ ਨੂੰ ਸਹਾਇਤਾ, ਰੱਖਿਆ ਅਤੇ ਰਾਹਤ ਪ੍ਰਦਾਨ ਕਰਨ ਅਤੇ ਜ਼ਿਲੇ ਵਿਚ ਕੋਵਿਡ-19 ਮਰੀਜ਼ਾਂ ਦੀ ਢੁੱਕਵੀਂ ਡਾਕਟਰੀ ਦੇਖਭਾਲ ਲਈ ਆਕਸੀਜਨ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਉਪਾਅ ਕਰਨ ਵਾਸਤੇ ਜ਼ਿਲ੍ਹਾ ਮੈਜਿਸਟਰੇਟ- ਕਮ- ਚੇਅਰਪਰਸਨ ਜ਼ਿਲ੍ਹਾ ਆਫ਼ਤ ਪ੍ਰਬੰਧਨ ਅਥਾਰਟੀ (ਡੀਡੀਐਮਏ) ਸ੍ਰੀ ਗਿਰੀਸ਼ ਦਿਆਲਨ ਨੇ ਉਦਯੋਗ / ਉਦਯੋਗਿਕ ਇਕਾਈਆਂ ਕੋਲ ਉਪਲਬਧ ਸਾਰੇ ਆਕਸੀਜਨ ਸਿਲੰਡਰਾਂ ਨੂੰ ਡਾਕਟਰੀ ਉਦੇਸ਼ਾਂ ਲਈ ਕਰਨ ਸਬੰਧੀ ਮੰਗ ਦੇ ਹੁਕਮ ਜਾਰੀ ਕੀਤੇ।
ਅਜਿਹੀਆਂ ਇਕਾਈਆਂ ਤੋਂ ਰਸੀਦ ਜਾਰੀ ਕਰਨ ਤੋਂ ਬਾਅਦ ਆਕਸਜੀਨ ਸਿਲੰਡਰ ਇਕੱਤਰ ਕਰਕੇ ਆਕਸੀਜਨ / ਸਿਵਲ ਸਰਜਨ ਦੇ ਜ਼ਿਲ੍ਹਾ ਨੋਡਲ ਅਫ਼ਸਰ ਵੱਲੋਂ ਹਸਪਤਾਲਾਂ ਨੂੰ ਉਨ੍ਹਾਂ ਦੀ ਜ਼ਰੂਰਤ ਅਨੁਸਾਰ ਅਲਾਟ ਕੀਤੇ ਜਾਣਗੇ।
ਪ੍ਰਸ਼ਾਸਨ ਵੱਲੋਂ ਲਏ ਗਏ ਸਿਲੰਡਰ ਸਬੰਧਤ ਉਦਯੋਗਿਕ ਇਕਾਈਆਂ ਨੂੰ ਵਾਪਸ ਕਰ ਦਿੱਤੇ ਜਾਣਗੇ ਜਦੋਂ ਇਨ੍ਹਾਂ ਸਿਲੰਡਰਾਂ ਦੀ ਵਰਤੋਂ ਦੀ ਜ਼ਰੂਰਤ ਨਹੀਂ ਰਹੇਗੀ।
ਹੁਕਮਾਂ ਵਿਚ ਇਹ ਵੀ ਕਿਹਾ ਗਿਆ ਹੈ ਕਿ ਵੱਖ-ਵੱਖ ਹਸਪਤਾਲਾਂ ਵਿਚ ਕੋਵਿਡ-19 / ਹੋਰ ਗੈਰ-ਕੋਵਿਡ ਗੰਭੀਰ ਮਰੀਜ਼ਾਂ ਦੇ ਪ੍ਰਬੰਧਨ ਲਈ ਆਕਸੀਜਨ ਦੀ ਸਪਲਾਈ ਵਿਚ ਰੁਕਾਵਟ ਨੂੰ ਰੋਕਣ ਲਈ, ਜ਼ਿਲ੍ਹਾ ਨੋਡਲ ਅਫ਼ਸਰ / ਸਿਵਲ ਸਰਜਨ ਵੱਲੋਂ ਮਨਜੂਰੀ ਤੋਂ ਬਿਨ੍ਹਾਂ ਨਿੱਜੀ ਵਿਅਕਤੀਆਂ ਜਾਂ ਫਰਮਾਂ ਦੀ ਮਾਲਕੀਅਤ ਵਾਲੇ ਆਕਸੀਜਨ ਸਿਲੰਡਰ ਏਅਰ ਸੈਪਰੇਸ਼ਨ ਯੂਨਿਟਾਂ (ਏਐਸਯੂ) / ਆਕਸੀਜਨ ਸਪਲਾਇਰ ਦੁਆਰਾ ਨਹੀਂ ਭਰੇ ਜਾਣਗੇ।
ਏਐਸਯੂ ਅਤੇ ਆਕਸੀਜਨ ਸਪਲਾਇਰ ਦੇ ਪ੍ਰਬੰਧਨ / ਮਾਲਕ ਇਸ ਨੂੰ ਯਕੀਨੀ ਬਣਾਉਣ ਲਈ ਨਿੱਜੀ ਤੌਰ 'ਤੇ ਜ਼ਿੰਮੇਵਾਰ ਹੋਣਗੇ।
ਕੋਈ ਵੀ ਉਲੰਘਣਾ ਕਰਨ ‘ਤੇ ਆਫ਼ਤਨ ਪ੍ਰਬੰਧਨ ਐਕਟ, 2005 ਅਤੇ ਭਾਰਤੀ ਦੰਡਾਵਲੀ ਨਿਯਮ, 1860 ਦੀਆਂ ਸਬੰਧਤ ਧਾਰਾਵਾਂ ਤਹਿਤ ਅਪਰਾਧਿਕ ਕਾਰਵਾਈ ਕੀਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਜ਼ਿਲ੍ਹੇ ਵਿਚ ਕੋਵਿਡ -19 ਮਾਮਲਿਆਂ ਵਿਚ ਤੇਜ਼ੀ ਨਾਲ ਵਾਧਾ ਹੋਣ ਕਾਰਨ ਅਤੇ ਦੂਜੇ ਰਾਜਾਂ ਤੋਂ ਮਰੀਜ਼ਾਂ ਦੀ ਭਾਰੀ ਆਮਦ ਅਤੇ 90 ਫ਼ੀਸਦੀ ਬੈੱਡ ਵਰਤੋਂ ਅਧੀਨ ਹੋਣ ਦੇ ਮੱਦੇਨਜ਼ਰ, ਦਰਮਿਆਨੇ ਅਤੇ ਗੰਭੀਰ ਮਰੀਜ਼ਾਂ ਦੇ ਪ੍ਰਬੰਧਨ ਲਈ ਮੈਡੀਕਲ ਆਕਸੀਜਨ ਦੀ ਢੁੱਕਵੀਂ ਅਤੇ ਨਿਰਵਿਘਨ ਸਪਲਾਈ ਦੀ ਉਪਲਬਧਤਾ ਮਹੱਤਵਪੂਰਨ ਹੈ ਅਤੇ ਮਰੀਜ਼ਾਂ ਦੀ ਵਧਦੀ ਗਿਣਤੀ ਨੂੰ ਵੇਖਦਿਆਂ ਮਰੀਜ਼ਾਂ ਦੀ ਦੇਖਭਾਲ ਲਈ ਮੈਡੀਕਲ ਆਕਸੀਜਨ ਦੀ ਸਪਲਾਈ ਨਿਰਵਿਘਨ ਅਤੇ ਢੁੱਕਵੀਂ ਮਾਤਰਾ ਵਿੱਚ ਕਰਨੀ ਜ਼ਰੂਰੀ ਹੈ।