ਡੇਰਾਬੱਸੀ ਦੇ ਪੀ.ਸੀ.ਸੀ.ਪੀ.ਐਲ ਸਨਅਤ ਨੇ ਦੋ ਸਕੂਲਾਂ ਦੀ ਕੀਤੀ ਕਾਇਆ ਕਲਪ
ਕਾਰਕੌਰ ’ਤੇ ਪਰਾਗਪੁਰ ’ਚ 11 ਲੱਖ ਦੀ ਲਾਗਤ ਨਾਲ ਪਰੇਅਰ ਗਰਾਊੁਂਡ ਬਣਾਇਆ
ਡੇਰਾਬੱਸੀ ਦੀ ਨਾਮੀਂ ਸਨਅਤ ਪੀ.ਸੀ.ਸੀ.ਪੀ.ਐਲ (ਪੰਜਾਬ ਕੈਮੀਕਲਜ਼ ਐਂਡ ਕਰਾਪ ਪ੍ਰੋਟਕਸ਼ਨ ਲਿਮਿ:) ਵੱਲੋਂ ਕਾਰਕੌਰ ਅਤੇ ਪਰਾਗਪੁਰ ਸਕੂਲ ’ਚ 11 ਲੱਖ ਰੁਪਏ ਦੀ ਲਾਗਤ ਨਾਲ ਦੋ ਪਰੇਅਰ ਗਰਾਊਂਡ ਤਿਆਰ ਕਰਵਾਏ ਹਨ। ਜਿਨ੍ਹਾਂ ਦਾ ਕੰਮ ਮੁਕੰਮਲ ਹੋਣ ’ਤੇ ਕੰਪਨੀ ਦੇ ਸੀ.ਈ.ਓ ਵਿਨੋਦ ਗੁਪਤਾ ਨੇ ਪਿੰਡ ਦੇ ਮੋਤਹਬਰਾਂ ਅਤੇ ਪ੍ਰਬੰਧਕਾਂ ਦੀ ਹਾਜ਼ਰੀ ਵਿਚ ਸਕੂਲ ਦੇ ਇਨ੍ਹਾਂ ਗਰਾਊਂਡਾ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਨਾਲ ਕੰਪਨੀ ਵਾਇਸ ਪ੍ਰੈਜੀਡੈਂਟ ਪਰਮਜੀਤ ਸਿੰਘ ਵੀ ਹਾਜ਼ਰ ਸਨ।
ਇਸ ਮੌਕੇ ਜਾਣਕਾਰੀ ਦਿੰਦਿਆ ਸਨਅਤ ਦੇ ਵਾਇਸ ਪ੍ਰੈਜੀਡੈਂਟ ਯਸ਼ਵਰਧਨ ਤ੍ਰਿਪਾਠੀ ਨੇ ਦੱਸਿਆ ਕਿ ਕੰਪਨੀ ਦੀ ਸੀ.ਆਰ.ਐਸ (ਕਾਰਪੋਰੇਟ ਸੌਸ਼ਲ ਰਿਸਪਾਂਸੀਬਿਲਟੀ) ਤਹਿਤ ਉਦਯੋਗ ਵੱਲੋਂ ਸਿੱਖਿਆ, ਸਿਹਤ , ਸਮਾਜ ਭਲਾਈ ਅਤੇ ਵਾਤਾਵਰਨ ਸੰਭਾਲ ਲਈ ਖੇਤਰ ਵਿਚ ਕੰਮ ਕੀਤਾ ਜਾਂਦਾ ਆ ਰਿਹਾ ਹੈ। ਪ੍ਰੋਜੈਕਟ ਮੈਨੇਜਰ ਅਜੈ ਧਵਨ ਮੁਤਾਬਕ ਪਿੰਡ ਕਾਰਕੌਰ ਵਿਖੇ ਕਰੀਬ 11 ਹਜ਼ਾਰ ਸੂਕੇਅਰ ਫ਼ੁੱਟ ਪਰੇਅਰ ਗਰਾਊਂਡ ਨੂੰ ਪੱਕਾ ਕਰਨ ਲਈ ਟਾਇਲ ਲਗਾਈ ਗਈ, ਜਿੱਥੇ ਕਿ ਪਾਣੀ ਖੜ੍ਹਦਾ ਸੀ। ਇਸ ਤੋਂ ਇਲਾਵਾ ਪਿੰਡ ਪਰਾਗਪੁਰ ਵਿਖੇ ਬੱਚਿਆਂ ਨੂੰ ਸੁੱਧ ਪੀਣ ਦਾ ਪਾਣੀ ਮਹੁੱਈਆ ਕਰਾਉਣ ਲਈ ਵਾਟਰ ਕੂਲਰ, ਸ਼ੈਡ, ਸਟੇਜ ਅਤੇ ਪਰੇਅਰ ਗਰਾਊਂਡ ਬਣਾ ਕੇ ਸਕੂਲ ਪ੍ਰਬੰਧਕਾਂ ਦੇ ਹਵਾਲੇ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਕਾਰਕੌਰ ਵਿਖੇ ਕਰੀਬ 6 ਲੱਖ ਅਤੇ ਪਰਾਗਪੁਰ ਪਿੰਡ ਵਿਚ ਉਕਤ ਕੰਮਾਂ ਲਈ ਕਰੀਬ 5 ਲੱਖ ਰੁਪਏ ਖ਼ਰਚ ਹੋਏ ਹਨ। ਇਸ ਉਪਰਾਲੇ ਲਈ ਸਮਾਜ ਸੇਵੀ ਆਗੂ ਗੁਰਸੇਵਕ ਸਿੰਘ ਕਾਰਕੌਰ, ਪਰਾਗਪੁਰ ਪਿੰਡ ਦੀ ਸਰਪੰਚ ਸੁਖਜੀਤ ਕੌਰ ਸਮੇਤ ਦੋਵੇਂ ਸਕੂਲ ਦੇ ਪ੍ਰਬੰਧਕਾਂ ਅਤੇ ਕਮੇਟੀਆਂ ਨੇ ਕੰਪਨੀ ਪ੍ਰਬੰਧਕਾਂ ਦਾ ਧੰਨਵਾਦ ਕੀਤਾ।

