ਸੂਬੇ ਵਿੱਚ ਵਿਅਕਤੀਆਂ ਦੇ ਸੜਕ ਦੇ ਰਾਹੀਂ ਦਾਖਲੇ ਲਈ 72 ਘੰਟਿਆਂ ਤੋਂ ਪੁਰਾਣੀ ਨੈਗਟਿਵ ਕੋਵਿਡ ਰਿਪੋਰਟ ਨਾਲ ਜਾਂ ਦੋ ਹਫ਼ਤਿਆਂ ਤੋਂ ਵੱਧ ਪੁਰਾਣੇ ਟੀਕਾਕਰਨ ਸਰਟੀਫਿਕੇਟ (ਘੱਟੋ ਘੱਟ ਇੱਕ ਖੁਰਾਕ) ਨਾਲ ਇਜਾਜਤ ਹੋਵੇਗੀ- ਡੀ.ਐੱਮ.
ਅੰਤਰ ਰਾਜੀ ਮਾਰਗਾਂ ਅਤੇ ਲਿੰਕ ਸੜਕਾਂ 'ਤੇ ਚੈੱਕ ਪੁਆਇੰਟਸ/ਨਾਕੇ ਸਥਾਪਤ
ਪੁਲਿਸ ਕਰਮਚਾਰੀ 24 ਘੰਟੇ ਨਿਗਰਾਨੀ ਬਣਾਉਣਗੇ ਯਕੀਨੀ
ਐਸ.ਏ.ਐਸ.ਨਗਰ, 3 ਮਈ:
ਜ਼ਿਲ੍ਹਾ ਮੈਜਿਸਟਰੇਟ ਗਿਰੀਸ਼ ਦਿਆਲਨ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਕਵਿਡ ਮਾਮਲਿਆਂ ਅਤੇ ਮੌਤ ਦਰਾਂ ਵਿੱਚ ਭਾਰੀ ਵਾਧਾ ਹੋਇਆ ਹੈ ਅਤੇ ਕਮਿਊਨਿਟੀ ਵਿੱਚ ਹੋਰ ਫੈਲਣ ਦੀ ਸਥਿਤੀ ਤੋਂ ਬਚਣ ਲਈ ਐਮਰਜੈਂਸੀ ਉਪਾਅ ਜ਼ਰੂਰੀ ਹਨ। ਸੜਕ ਰਾਹੀਂ ਸੂਬੇ ਵਿਚ ਵਿਅਕਤੀਆਂ ਦੇ ਦਾਖਲੇ ਸੰਬੰਧੀ ਸੂਬੇ ਦੇ ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਨੇ ਹੁਕਮ ਜਾਰੀ ਕੀਤੇ ਹਨ ਕਿ ਜ਼ਿਲੇ ਰਾਹੀਂ ਸੂਬੇ ਵਿਚ ਦਾਖਲ ਹੋਣ ਵਾਲਿਆਂ ਨੂੰ ਸਿਰਫ 72 ਘੰਟਿਆਂ ਤੋਂ ਵੱਧ ਪੁਰਾਣੀ ਨੈਗਟਿਵ ਕੋਵਿਡ ਰਿਪੋਰਟ ਨਾਲ ਜਾਂ 2 ਹਫ਼ਤਿਆਂ ਤੋਂ ਵੱਧ ਪੁਰਾਣੇ ਟੀਕਾਕਰਨ ਸਰਟੀਫਿਕੇਟ (ਘੱਟੋ ਘੱਟ ਇਕ ਖੁਰਾਕ)ਨਾਲ ਇਜ਼ਾਜ਼ਤ ਦਿੱਤੀ ਜਾਵੇਗੀ।
ਸਿਸਵਾਂ ਬੱਦੀ ਰੋਡ ਪਿੰਡ ਸਿਸਵਾਂ, ਸੇਖੋਂ ਬੈਨਕਿਊਟ ਹਾਲ ਨੇੜੇ, ਜ਼ੀਰਕਪੁਰ, ਪੰਚਕੂਲਾ ਹਾਈਵੇ, ਅੰਬਾਲਾ ਤੋਂ ਨਰਾਇਣਗੜ੍ਹ ਹਾਈਵੇ ਨਗਲ ਮੋੜ, ਭੋਰਾ ਖੇੜਾ ਮੋੜ ਅਤੇ ਅੰਬਾਲਾ ਤੋਂ ਚੰਡੀਗੜ੍ਹ ਹਾਈਵੇ ਝਰਮੜੀ (ਲਾਲੜੂ) ਰਾਜ ਮਾਰਗਾਂ 'ਤੇ ਪੰਜ ਅੰਤਰ ਰਾਜੀ ਸਰਹੱਦੀ ਚੈੱਕ ਪੁਆਇੰਟ ਸਥਾਪਤ ਕੀਤੇ ਗਏ ਹਨ।
ਇਸ ਤੋਂ ਇਲਾਵਾ ਪੀਰ ਮੁਛੱਲਾ, ਟੀ-ਪੁਆਇੰਟ ਅੰਟਾਲਾ, ਬਰਵਾਲਾ ਰੋਡ ਬਹਿਰਾ ਮੋੜ, ਰਾਮਗੜ੍ਹ-ਮੁਬਾਰਕਪੁਰ ਰੋਡ, ਡੱਫਰਪੁਰ ਅਤੇ ਹਰਮਿਲਾਪ ਨਗਰ, ਬਲਟਾਣਾ ਵਿਖੇ ਛੇ ਲਿੰਕ ਸੜਕਾਂ 'ਤੇ ਅੰਤਰ ਰਾਜੀ ਸਰਹੱਦੀ ਚੈੱਕ ਪੁਆਇੰਟ ਵੀ ਸਥਾਪਤ ਕੀਤੇ ਗਏ ਹਨ।
ਪੁਲਿਸ ਕਰਮਚਾਰੀ ਸਰਕਾਰੀ ਦਿਸ਼ਾ ਨਿਰਦੇਸ਼ਾਂ ਨੂੰ ਸਖਤੀ ਨਾਲ ਲਾਗੂ ਕਰਨ ਲਈ ਇਨ੍ਹਾਂ ਥਾਵਾਂ 'ਤੇ 24 ਘੰਟੇ ਨਿਗਰਾਨੀ ਨੂੰ ਯਕੀਨੀ ਬਣਾਉਣਗੇ।
ਹਾਲਾਂਕਿ ਜ਼ਿਲ੍ਹੇ ਨੂੰ ਆਉਣ ਵਾਲੇ ਮਾਲ ਵਾਹਨਾਂ 'ਤੇ ਕੋਈ ਰੋਕ ਨਹੀਂ ਲਗਾਈ ਜਾਏਗੀ।
