ਰਾਖਵਾਂਕਰਨ ਨੂੰ ਖਤਮ ਕਰਨ ਦੀ ਮੰਗ ਮੰਦਭਾਗਾ ਹੀ ਨਹੀਂ ਸਗੋਂ ਭਾਰਤੀ ਸੰਵਿਧਾਨ ਦਾ ਅਪਮਾਨ
ਭੁੱਚੋ ਮੰਡੀ:ਕਿਸਾਨ ਅਤੇ ਮਜਦੂਰ ਦੇ ਰਿਸ਼ਤੇ ਨੂੰ ਨਹੁੰ-ਮਾਸ ਦਾ ਰਿਸ਼ਤਾ ਕਹਿਣ ਵਾਲੇ ਕਿਸਾਨ ਯੂਨੀਅਨ ਦੇ ਕੁਝ ਆਗੂਆਂ ਵੱਲੋਂ ਮਜਦੂਰ ਵਰਗ ਦੇ ਹੱਕਾਂ ਦਾ ਵਿਰੋਧ ਕਰਦੇ ਹੋਏ ਸਰਕਾਰ ਤੋਂ ਰਾਖਵਾਂਕਰਨ ਨੂੰ ਖਤਮ ਕਰਨ ਦੀ ਮੰਗ ਕੀਤੀ ਗਈ ਹੈ ਜੋ ਕਿ ਸਿਰਫ ਮੰਦਭਾਗਾ ਹੀ ਨਹੀਂ ਸਗੋਂ ਭਾਰਤੀ ਸੰਵਿਧਾਨ ਦਾ ਅਪਮਾਨ ਵੀ ਹੈ ਅਤੇ ਭਵਿੱਖ ਵਿੱਚ ਹਾਨੀਕਾਰਕ ਵੀ ਸਾਬਤ ਹੋ ਸਕਦਾ ਹੈ ।ਇਹਨਾ ਸ਼ਬਦਾਂ ਦਾ ਪੑਗਟਾਵਾ ਤ੍ਰਿਣਮੂਲ ਕਾਂਗਰਸ ਦੇ ਸੂਬਾ ਆਗੂ ਸੋਮੀ ਤੁੰਗਵਾਲੀਆ ਅਤੇ ਢਿਹਾਤੀ ਮਜਦੂਰ ਯੂਨੀਅਨ ਬਠਿੰਡਾ ਦੇ ਜਿਲਾ ਅਾਗੂ ਮੇਜਰ ਸਿੰਘ ਤੁੰਗਵਾਲੀ ਨੇ ਇੱਕ ਸਾਂਝਾ ਪ੍ਰੈਸ ਨੋਟ ਜਾਰੀ ਕਰਕੇ ਕੀਤਾ ਹੈ ।ਉਹਨਾ ਕਿਹਾ ਕਿ ਬੀਤੇ ਦਿਨੀਂ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਧੜੇ ਦੀ ਇੱਕ ਮੀਟਿੰਗ ਕੋਟ ਈਸੇ ਖਾਂ ਵਿਖੇ ਹੋਈ ਸੀ ਜਿਸ ਵਿੱਚ ਯੂਨੀਅਨ ਦੇ ਆਗੂਆਂ ਨੇ ਸਰਕਾਰ ਤੋਂ ਰਾਖਵਾਂਕਰਨ ਖਤਮ ਕਰਨ ਦੀ ਮੰਗ ਕੀਤੀ ਸੀ । ਉਹ ਆਗੂ ਸ਼ਾਇਦ ਇਹ ਭੁੱਲ ਗਏ ਹਨ ਕਿ ਮਜਦੂਰ ਯੂਨੀਅਨਾਂ ਨੇ ਹਰ ਛੋਟੇ ਵੱਡੇ ਅੰਦੋਲਨ ਵਿੱਚ ਕਿਸਾਨ ਯੂਨੀਅਨ ਦਾ ਮੋਢੇ ਨਾਲ ਮੋਢਾ ਜੋੜਕੇ ਸਾਥ ਦਿੱਤਾ ਹੈ ਅਤੇ ਅੱਜ ਤੱਕ ਕਿਸਾਨ ਯੂਨੀਅਨ ਨੇ ਸਰਕਾਰ ਤੋਂ ਜੋ ਵੀ ਪ੍ਰਾਪਤ ਕੀਤਾ ਹੈ ਮਜਦੂਰ ਯੂਨੀਅਨਾਂ ਦੇ ਸਾਥ ਤੋਂ ਬਿਨਾਂ ਨਹੀਂ ਮਿਲਿਆ ।ਉਹਨਾ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਮਜਦੂਰ ਵਰਗ ਦੇ ਸਾਥ ਨਾਲ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਸਾਰੀਆਂ ਜੰਗਾਂ ਵਿੱਚ ਫਤਹਿ ਪ੍ਰਾਪਤ ਕੀਤੀ ਸੀ।ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਜਮੀਨਾਂ ਦਿਤੀਆਂ ਸਨ ਜੱਟਾਂ ਨੇ ਜਮੀਨਾਂ ਸਾਂਭ ਲਈਆਂ ਅਤੇ ਮਜਦੂਰ ਵਰਗ ਦੇ ਲੋਕਾਂ ਨੇ ਜਮੀਨਾਂ ਦਾ ਲਾਲਚ ਨਾ ਕਰਕੇ ਸਿੱਖ ਰਾਜ ਦੀ ਸਥਾਪਤੀ ਲਈ ਕੁਰਬਾਨੀਆਂ ਕਰਨ ਨੂੰ ਤਰਜੀਹ ਦਿੱਤੀ ਸੀ ।ਉਹਨਾ ਕਿਹਾ ਕਿ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦਲਿਤ ਵਰਗੇ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਸੰਵਿਧਾਨ ਵਿੱਚ ਰਾਖਵਾਂਕਰਨ ਦੀਆਂ ਮੱਦਾਂ ਨੂੰ ਸ਼ਾਮਲ ਕੀਤਾ ਹੈ।ਉਹਨਾ ਕਿਹਾ ਕਿ ਮੌਜੂਦਾ ਸਮੇਂ ਵਿੱਚ ਵੀ ਕਿਸਾਨ ਅੰਦੋਲਨ ਮਜਦੂਰ ਵਰਗ ਦੀ ਸ਼ਮੂਲੀਅਤ ਤੋਂ ਬਿਨਾਂ ਨਹੀਂ ਚੱਲ ਰਿਹਾ,ਇਸ ਅੰਦੋਲਨ ਵਿੱਚ ਜਿੰਨੀਆਂ ਸ਼ਹਾਦਤਾਂ ਹੋਈਆਂ ਹਨ ਉਨ੍ਹਾਂ ਵਿੱਚ ਬਹੁਤ ਸਾਰੇ ਮਜਦੂਰ ਹਨ ।
